ਸਹਿਜੇ ਰਚਿਓ ਖ਼ਾਲਸਾ: ਬਿਪਰ ਸੰਸਕਾਰ ਤੇ ਸਿੱਖ ਸੁਰਤਿ
ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖ਼ਾਲਸਾ ਸਿੱਖ ਫ਼ਲਸਫ਼ੇ ਦੀ ਕਿਤਾਬ ਹੈ। ਇਹ ਪੰਜਾਬੀ ਵਿੱਚ ਕਿਸੇ ਸਿੱਖ ਵਿਦਵਾਨ ਵੱਲੋਂ ਆਧੁਨਿਕ ਮੁਹਾਵਰੇ ਵਿੱਚ ਲਿਖੀ ਗਈ ਫ਼ਲਸਫ਼ੇ ਦੀ ਪਹਿਲੀ ਕਿਤਾਬ ਹੈ। ਮਹਿਬੂਬ ਸਾਹਿਬ ਨੇ ਇਸ ਕਿਤਾਬ ਵਿੱਚ ਵਿਸ਼ਵ ਧਰਮਾਂ ਅਤੇ ਵਿਸ਼ਵ ਫ਼ਲਸਫ਼ੇ ਨਾਲ਼ ਸੰਵਾਦ ਦੇ ਅਮਲ ਵਿੱਚੋਂ ਇਤਿਹਾਸਿਕ ਅਮਲ ਦੇ ਸੰਦਰਭ ਵਿੱਚ ਸਿੱਖੀ ਦੀ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ। ਸਿੱਖ ਵਿਦਿਆਰਥੀਆਂ ਅਤੇ ਵਿਚਾਰਵਾਨਾਂ ਲਈ ਇਸ ਕਿਤਾਬ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੀ ਮੁੱਖ ਵਜ੍ਹਾ ਹੈ ਕਿ ਇਹ ਕਿਤਾਬ ਪੱਛਮੀ ਅਤੇ ਪੂਰਬੀ ਫ਼ਲਸਫ਼ਿਆਂ ਦੇ ਬਰਾਬਰ ਸਿੱਖ ਫ਼ਲਸਫ਼ੇ ਦਾ ਆਪਣਾ ਪਸਾਰ ਸਿਰਜਦੀ ਹੈ। ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਫ਼ਲਸਫ਼ੇ ਨਾਲ਼ ਸੰਵਾਦ ਵਿੱਚ ਆਉਣਾ ਨਿੱਜੀ ਚੋਣ ਦਾ ਸੁਆਲ ਨਹੀਂ ਹੈ। ਧਰਮ, ਸਾਹਿਤ, ਇਤਿਹਾਸ, ਰਾਜਨੀਤੀ ਵਿਗਿਆਨ, ਜਾਂ ਅਰਥਸ਼ਾਸਤਰ ਆਦਿ ਕਿਸੇ ਵੀ ਵਿਸ਼ੇ ਦੇ ਸਰੂਪ ਅਤੇ ਅਧਿਐਨ ਪਿੱਛੇ ਕੋਈ ਨਾ ਕੋਈ ਫ਼ਲਸਫ਼ਾ ਕਾਰਜਸ਼ੀਲ ਹੁੰਦਾ ਹੈ। ਜਦੋਂ ਫ਼ਲਸਫ਼ਾ ਜੀਵਨ ਦੀ ਹਰ ਇੱਕ ਇਕਾਈ ਨੂੰ ਪਰਿਭਾਸ਼ਿਤ ਕਰ ਕੇ ਕਿਸੇ ਨਾ ਕਿਸੇ ਸਾਂਚੇ ਵਿੱਚ ਢਾਲ਼ ਰਿਹਾ ਹੈ ਤਾਂ ਇਸ ਤੋਂ ਪਾਸਾ ਵੱਟ ਕੇ ਗੁਜ਼ਾਰਾ ਕਰਨਾ ਸੰਭਵ ਨਹੀਂ। ਸਥਾਪਿਤ ਫ਼ਲਸਫ਼ਾਨਾ ਲੀਹਾਂ ਦੇ ਬਰਾਬਰ ਆਪਣਾ ਰਾਹ ਬਣਾਉਣਾ ਹੀ ਹੱਲ ਹੈ। ਮਹਿਬੂਬ ਸਾਹਿਬ ਨੇ ਸਹਿਜੇ ਰਚਿਓ ਖ਼ਾਲਸਾ ਦੇ ਰੂਪ ਵਿੱਚ ਇਹ ਟੀਚਾ ਬੜੇ ਵਿਲੱਖਣ ਅਤੇ ਪ੍ਰਬੀਨ ਅੰਦਾਜ਼ ਵਿੱਚ ਸਰ ਕੀਤਾ ਹੈ। ਮਹਿਬੂਬ ਸਾਹਿਬ ਪੱਛਮੀ ਫ਼ਲਸਫ਼ੇ ਦੇ ਬਰਾਬਰ ਆਪਣਾ ਨਿਆਰਾ ਫ਼ਲਸਫ਼ਾਨਾ ਪਸਾਰ ਸਿਰਜਣ ਵਿੱਚ ਕਾਮਯਾਬ ਹੋਏ ਹਨ। ਇਸ ਸਫਲਤਾ ਪਿੱਛੇ ਉਹਨਾਂ ਦੇ ਕਵੀ ਹੋਣ ਦੀ ਵੀ ਵੱਡੀ ਭੂਮਿਕਾ ਹੈ।