ਕਹਾਣੀ ਕਲਾ ਤੇ ਮੇਰਾ ਅਨੁਭਵ
ਜੇ ਅਸੀਂ ਇਹ ਮੰਨਦੇ ਹਾਂ ਕਿ ਸਾਹਿਤ ਆਪਣੇ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਤਾਂ ਕਿਸੇ ਵੀ ਕਲਾਕਾਰੀ ਰਚਨਾ ਪਿੱਛੇ ਉਸਰ ਰਿਹਾ ਸੰਸਾਰ ਉਸਦੇ ਸ਼ਬਦਾਂ ਵਿੱਚੋਂ ਸਾਹ ਲੈਂਦਾ ਦਿਸ ਪੈਂਦਾ ਹੈ। ਸਮਾਜ ਨਾਲ ਪੈਂਦੇ ਸੰਸਾਰ ਅਨੁਸਾਰ ਹੀ ਹਰ ਸਾਹਿਤਕਾਰ ਸਭ ਘਟਨਾਵਾਂ ਦੀ ਉਸਾਰੀ, ਰਚਨਾ ਦੀ ਬਣਤਰ ਅਤੇ ਬੁਣਤਰ ਸਿਰਜਦਾ ਹੈ। ਕਿਸੇ ਬਾਹਰੀ ਘਟਨਾ ਨੇ ਲੇਖਕ ਮਨ ਵਿੱਚ ਕਿੰਨੀ ਗਹਿਰੀ ਹਿਲਜੁਲ ਕੀਤੀ ਹੁੰਦੀ ਹੈ, ਸ਼ਬਦਾਂ ਤੱਕ ਪੁਜਦਿਆਂ ਉਸ ਦਾ ਅਸਰ ਹੋਰ ਵੀ ਸੰਘਣਾ ਹੋ ਜਾਂਦਾ ਹੈ। ਜਿੱਥੋਂ ਤੱਕ ਮੇਰੇ ਅਨੁਭਵ ਦੀ ਗੱਲ ਕੀਤੀ ਜਾਂਦੀ ਹੈ, ਮੇਰੇ ਅਧਿਆਪਨ ਕਾਲ ਸਮੇਂ ਮੇਰਾ ਵਾਹ ਨਿਮਨ-ਕਿਸਾਨੀ ਪਰਿਵਾਰਾਂ ਦੇ ਉਨਾਂ ਅੱਲ੍ਹੜੇ ਰੁੱਤ ਵਿਚਰਦੇ ਬੱਚਿਆਂ ਨਾਲ ਪਿਆ ਜੋ ਕੱਚੇ ਵਿਹੜਿਆਂ ਵਿੱਚ ਪਲ਼ਦੇ ਪੱਕੀਆਂ ਸਾਂਝਾਂ ਨਾਲ ਭਵਿੱਖੀ ਸੁਪਨੇ ਆਪੋ-ਆਪਣੀ ਗਰਜ ਅਨੁਸਾਰ ਦੇਖ ਰਹੇ ਸਨ। ਉਸੇ ਸਮੇਂ ਪੰਜਾਬ ਦੀ ਹਿੱਕ ‘ਤੇ ਇੱਕ ਕਾਲੀ-ਬੋਲੀ ਹਨੇਰੀ ਨੇ ਇਹਨਾਂ ਦੇ ਸਭ ਸੁਪਨੇ ਮਧੋਲ ਧਰੇ। ਹਰ ਪੰਜਾਬੀ ਮਨ ਵਿਲੂੰਧਰਿਆ ਗਿਆ। ਵੇਲ਼ੇ ਦੀ ਹਕੂਮਤ ਨੂੰ ਕੋਹਝੀਆਂ ਚਾਲਾਂ ਚੱਲਣ ਮੂਹਰੇ ਹੋਈ ਵੰਗਾਰ ਗਵਾਰਾ ਨਹੀਂ ਸੀ । ਵਿਿਦਆਰਥੀਆਂ ਨੂੰ ਇਸ ਨੁਕਤੇ ਦਾ ਜਿੰਨਾ ਬੋਧ ਹੁੰਦਾ ਗਿਆ ਇਹ ਟਕਰਾ ਵੀ ਹੋਰ ਤਿੱਖਾ ਹੁੰਦਾ ਗਿਆ। ਸਰਹੱਦੀ ਸੂਬਾ ਪੰਜਾਬ ਅਜਿਹੀ ਮਾਨਸਿਕਤਾ ਪਾਲ਼ਦਾ ਆ ਰਿਹਾ ਹੈ ਕਿ ਨਾ ਕਿਸੇ ਨਾਲ ਮਾੜਾ ਕਰਨਾ ਹੈ ਤੇ ਨਾ ਹੀ ਜਰਨਾ ਹੈ । ਪਰ ਆਪਣਿਆਂ ਹੱਥੋਂ ਪੈਂਦੀ ਇਸ ਮਾਰ ਨੇ ਹਰ ਘਰ ਵਿੱਚ ਸਿਰੇ ਬਾਲ਼ ਧਰੇ । ਜਵਾਨੀ ਨੂੰ ਅਜਾਈ ਜਾਂਦੀ ਵੇਖ ਹਰ ਜਵਾਨ ਹਿਰਦਾ ਜੋ ਜਾਗਦੀ ਰੂਹ ਰੱਖਦਾ ਸੀ ਆਪਣੇ ਮੱਥੇ ‘ਤੇ ਮਰਜੰੂ ਜਾਂ ਮਾਰਦੰੂ ਦੀ ਇਬਾਰਤ ਰਾਜਸੱਤਾ ਵੱਲੋਂ ਲਿਖਾ ਤੁਰਿਆ । ਜਦੋਂ ਮੇਰੇ ਕੋਲ ਆ ਕੇ ਮੇਰੇ ਪੁੱਤ ਦੇ ਹਾਣ ਦਾ ਕੋਈ ਬੱਚਾ ਜਰੀ ਹੋਈ ਹੋਣੀ ਦਾ ਜ਼ਿਕਰ ਕਰਦਾ ਰਿਹਾ ਮੇਰੇ ਅੰਦਰਲਾ ਔਰਤ ਮਨ ਉਸ ਦੀ ਮਾਂ ਤੇ ਭੈਣ ਦੀ ਥਾਂ ਤੇ ਜਾ ਖੜ੍ਹਦਾ । ਮੈਨੂੰ ਲੱਗਾ ਮੇਰਾ ਵੀ ਕੋਈ ਫ਼ਰਜ਼ ਬਣਦਾ ਹੈ। ਪਰ ਆਪਣੀ ਸਮਰੱਥਾ, ਵਿੱਤ ਅਤੇ ਇੱਛਾ ਅਨੁਸਾਰ ਬਣਦਾ-ਸਰਦਾ ਹਿੱਸਾ ਪਾਉਣ ਹਿਤ ਹੀ ਇੰਨ੍ਹਾ ਸ਼ਬਦਾਂ ਦਾ ਆਸਰਾ ਲਿਆ। ਕੁਝ ਕਹਾਣੀਆਂ ਜਾ ਰਚੀਆਂ । ਮੈਨੂੰ ਮਾਣ ਹੈ ਕਿ ਉਸ ਸਮੇਂ ਦੀਆਂ ਹੰਢਣਸਾਰ ਸਾਂਝਾਂ ਹਾਲੇ ਤੱਕ ਵੀ ਨਾਲ ਨਿਭੀਆਂ ਹਨ ।