Fall 2026
ਪੰਜਾਬ ਵਿੱਚ ਇਸਲਾਮ ਅਤੇ ਸੂਫ਼ੀਵਾਦ
ਇਹ ਕੋਰਸ ਇਸਲਾਮ ਅਤੇ ਸੂਫ਼ੀਵਾਦ ਦਾ ਦੱਖਣੀ ਏਸ਼ੀਆ, ਖ਼ਾਸ ਤੌਰ ਉੱਤੇ ਪੰਜਾਬ, ਦੇ ਸੰਦਰਭ ਵਿੱਚ ਅਧਿਐਨ ਕਰੇਗਾ। ਪੰਜਾਬ ਵਿੱਚ ਇਸਲਾਮ 712 ਈਸਵੀ ਵਿੱਚ ਮੁਹੰਮਦ-ਬਿਨ-ਕਾਸਿਮ ਦੇ ਹਮਲੇ ਨਾਲ਼ ਆਇਆ। 1021 ਈਸਵੀ ਵਿੱਚ ਮਹਿਮੂਦ ਗ਼ਜ਼ਨਵੀ ਨੇ ਪੰਜਾਬ ਉੱਤੇ ਕਬਜ਼ਾ ਕਰ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਲਿਆ ਤਾਂ ਪੰਜਾਬ ਵਿੱਚ ਇਸਲਾਮ ਦੀ ਸਥਿਤੀ ਮਜ਼ਬੂਤ ਹੋਈ। 1186 ਈਸਵੀ ਵਿੱਚ ਮੁਹੰਮਦ ਗ਼ੌਰੀ ਨੇ ਪੰਜਾਬ ਵਿੱਚ ਆਪਣਾ ਰਾਜ ਸਥਾਪਿਤ ਕੀਤਾ ਤਾਂ ਪੰਜਾਬ ਵਿੱਚ ਇਸਲਾਮ ਪੱਕੇ ਪੈਰੀਂ ਹੋ ਗਿਆ।
ਇਸਲਾਮੀ ਸੱਤਾ ਦੇ ਨਾਲ਼ ਹੀ ਪੰਜਾਬ ਵਿੱਚ ਸੂਫ਼ੀਵਾਦ ਦੀ ਜੜ ਲੱਗ ਗਈ। ਸ਼ੇਖ਼ ਇਸਮਾਈਲ ਬੁਖ਼ਾਰੀ 1005 ਈਸਵੀ ਵਿੱਚ ਪੰਜਾਬ ਵਿੱਚ ਆਏ। ਉਹ ਪੰਜਾਬ ਵਿੱਚ ਆਉਣ ਵਾਲ਼ੇ ਪਹਿਲੇ ਵੱਡੇ ਸੂਫ਼ੀ ਪੀਰ ਅਤੇ ਇਸਲਾਮੀ ਵਿਦਵਾਨ ਸਨ। 1039 ਈਸਵੀ ਵਿੱਚ ਦਾਤਾ ਗੰਜ ਬਖ਼ਸ਼ ਹੁਜਵੀਰੀ ਦੇ ਆਉਣ ਨਾਲ਼ ਲਾਹੌਰ ਇੱਕ ਅਹਿਮ ਸੂਫ਼ੀ ਕੇਂਦਰ ਬਣ ਗਿਆ। ਇਸ ਤੋਂ ਬਾਅਦ, ਅਗਲੀਆਂ ਸਦੀਆਂ ਵਿੱਚ ਪੰਜਾਬ ਵਿੱਚ ਸੁਹਰਾਵਰਦੀ, ਚਿਸ਼ਤੀ, ਕਾਦਰੀ, ਅਤੇ ਨਕਸ਼ਬੰਦੀ ਸਿਲਸਿਲੇ ਸਥਾਪਿਤ ਹੋਏ। ਇਸਲਾਮ ਅਤੇ ਸੂਫ਼ੀਵਾਦ ਨੇ ਪੰਜਾਬ ਦੇ ਸਭਿਆਚਾਰ ਨੂੰ ਵੱਡੇ ਪੱਧਰ ਉੱਤੇ ਪ੍ਰਭਾਵਿਤ ਕੀਤਾ।
ਇਸ ਕੋਰਸ ਵਿੱਚ ਇਸਲਾਮ ਅਤੇ ਸੂਫ਼ੀਵਾਦ ਦੀਆਂ ਮਜ਼੍ਹਬੀ ਅਤੇ ਰਹੱਸਵਾਦੀ ਬੁਨਿਆਦਾਂ ਉੱਤੇ ਮੂਲ ਸਰੋਤਾਂ ਦੇ ਹਵਾਲੇ ਨਾਲ਼ ਵੀਚਾਰ ਕੀਤੀ ਜਾਵੇਗੀ। ਸਾਮੀ ਪਰੰਪਰਾ, ਖ਼ਾਸ ਤੌਰ ’ਤੇ ਯਹੂਦੀਅਤ ਅਤੇ ਮਸੀਹੀਅਤ ਦੇ ਸੰਦਰਭ ਵਿੱਚ, ਨਾਲ਼ ਇਸਲਾਮ ਦੇ ਸਬੰਧਾਂ ਅਤੇ ਇਸ ਦੀ ਇਤਿਹਾਸਿਕ ਭੂਮਿਕਾ ਨੂੰ ਵਿਚਾਰਿਆ ਜਾਵੇਗਾ।