Skip to content
GIIS Global Institute for Interdisciplinary Studies

Taught in Punjabi

ਅਕਾਲ ਫ਼ਤਹ: ਸਹਿਜੇ ਰਚਿਓ ਖ਼ਾਲਸਾ – ਦੀਰਘ ਅਧਿਐਨ – ੨

Not currently running · last taught Fall 2024

ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖ਼ਾਲਸਾ ਸਿੱਖ ਫ਼ਲਸਫ਼ੇ ਦੀ ਕਿਤਾਬ ਹੈ। ਇਹ ਪੰਜਾਬੀ ਵਿੱਚ ਕਿਸੇ ਸਿੱਖ ਵਿਦਵਾਨ ਵੱਲੋਂ ਆਧੁਨਿਕ ਮੁਹਾਵਰੇ ਵਿੱਚ ਲਿਖੀ ਗਈ ਫ਼ਲਸਫ਼ੇ ਦੀ ਪਹਿਲੀ ਕਿਤਾਬ ਹੈ। ਮਹਿਬੂਬ ਸਾਹਿਬ ਨੇ ਇਸ ਕਿਤਾਬ ਵਿੱਚ ਵਿਸ਼ਵ ਧਰਮਾਂ ਅਤੇ ਵਿਸ਼ਵ ਫ਼ਲਸਫ਼ੇ ਨਾਲ਼ ਸੰਵਾਦ ਦੇ ਅਮਲ ਵਿੱਚੋਂ ਇਤਿਹਾਸਿਕ ਅਮਲ ਦੇ ਸੰਦਰਭ ਵਿੱਚ ਸਿੱਖੀ ਦੀ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ।

ਹਥਲਾ ਕੋਰਸ ਸਹਿਜੇ ਰਚਿਓ ਖ਼ਾਲਸਾ ਦੀ ਦੂਜੀ ਕਿਤਾਬ ਅਕਾਲ ਫ਼ਤਹ ਬਾਰੇ ਹੈ। ਅਕਾਲ ਫ਼ਤਹ ਸਹਿਜੇ ਰਚਿਓ ਖ਼ਾਲਸਾ ਦੇ ਫ਼ਲਸਫ਼ਾਨਾ ਪਸਾਰ ਦੀ ਰੂਪਰੇਖਾ ਨਿਸ਼ਚਿਤ ਕਰਨ ਵਾਲ਼ੇ ਮੁੱਖ ਸੰਕਲਪਾਂ ਵਿੱਚੋਂ ਇੱਕ ਹੈ। ਪਹਿਲੀ ਕਿਤਾਬ ਜਿਉਂ ਕਰ ਸੂਰਜ ਨਿਕਲਿਆ ਵਿੱਚ ਮਹਿਬੂਬ ਸਾਹਿਬ ਨੇ ਆਪਣੇ ਸਵੈ-ਸਿਰਜੇ ਸੰਕਲਪ ਅਕਾਲ ਫ਼ਤਹ ਦਾ ਸਿਧਾਂਤਿਕ ਪਸਾਰ ਪਰਿਭਾਸ਼ਿਤ ਕੀਤਾ ਹੈ। ਦੂਜੀ ਕਿਤਾਬ ਵਿੱਚ ਮਹਿਬੂਬ ਸਾਹਿਬ ਨੇ ਅਕਾਲ ਫ਼ਤਹ ਦੇ ਸੰਕਲਪ ਨੂੰ ਇਤਿਹਾਸ ਵਿੱਚੋਂ ਉੱਭਰਦਾ ਵਿਖਾਇਆ ਹੈ। ਸਹਿਜੇ ਰਚਿਓ ਖ਼ਾਲਸਾ ਦੀ ਪੂਰੀ ਵਿਉਂਤ ਵਿੱਚ ਦੂਜੀ ਕਿਤਾਬ ਬਹੁਤ ਅਹਿਮ ਹੈ। ਇਸ ਕਿਤਾਬ ਵਿੱਚ ਇਤਿਹਾਸ ਫ਼ਲਸਫ਼ੇ ਦੀ ਬੁਨਿਆਦ ਹੈ। ਇਤਿਹਾਸ ਬਾਰੇ ਅਜਿਹਾ ਦ੍ਰਿਸ਼ਟੀਕੋਣ ਮਹਿਬੂਬ ਸਾਹਿਬ ਦੀ ਇਤਿਹਾਸਕਾਰੀ ਦੀ ਬੁਨਿਆਦ ਬਣਦਾ ਹੈ। ਇਸ ਕਿਤਾਬ ਵਿੱਚ ਇਤਿਹਾਸ ਦੀ ਪੜ੍ਹਤ ਫ਼ਲਸਫ਼ਾਨਾ ਬਿਰਤਾਂਤ ਸਿਰਜਦੀ ਹੈ। ਇਹ ਕਿਤਾਬ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਨੇ ਇਤਿਹਾਸ ਦਾ ਕਾਇਆਕਲ਼ਪ ਕਿਵੇਂ ਕੀਤਾ। ਇਹ ਕਾਇਆਕਲ਼ਪ ਇੱਕੋ ਵੇਲ਼ੇ ਵਿਅਕਤੀਗਤ ਅਤੇ ਵਿਆਪਕ ਪੱਧਰਾਂ ਤੇ ਪ੍ਰਵਾਹਿਤ ਹੋ ਰਿਹਾ ਜੀਵਨ ਦਾ ਨਵੇਲਾਪਣ ਸੀ। ਮਨੁੱਖੀ ਜੀਵਨ ਵਿੱਚ ਨਮੂਦਾਰ ਹੋਈ ਇਸ ਊਰਜਾ-ਭਰਪੂਰ ਨਵੀਂ ਪ੍ਰੇਰਨਾ ਨੇ ਇੱਕ ਅਦੁੱਤੀ ਇਤਿਹਾਸ ਸਿਰਜਿਆ। ਸਿੱਖ ਇਤਿਹਾਸ ਨੂੰ ਲਿਖਣ ਵੇਲ਼ੇ ਬਹੁਤੇ ਇਤਿਹਾਸਕਾਰ ਇਸ ਦੇ ਪਿਛੋਕੜ ਵਿੱਚ ਕਾਰਜਸ਼ੀਲ ਪ੍ਰਵਾਹਾਂ ਨੂੰ ਧਿਆਨ ਵਿੱਚ ਰੱਖਣੋਂ ਉੱਕ ਜਾਂਦੇ ਰਹੇ ਹਨ। ਅਕਾਲ ਫ਼ਤਹ ਕਿਤਾਬ ਬਾਰੇ ਇਸ ਕੋਰਸ ਰਾਹੀਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਤਿਹਾਸਿਕ ਅਤੇ ਫ਼ਲਸਫ਼ਾਨਾ ਅਮਲ ਇਕੱਠੇ ਕਿਵੇਂ ਚਲਦੇ ਹਨ। ਇਤਿਹਾਸਕਾਰੀ ਲਈ ਫ਼ਲਸਫ਼ਾਨਾ ਸਮਝ ਅਤੇ ਫ਼ਲਸਫ਼ਾਨਾ ਦ੍ਰਿਸ਼ਟੀ ਵਿਕਸਿਤ ਕਰਨ ਲਈ ਇਤਿਹਾਸ ਉੱਤੇ ਪਕੜ ਕਿਵੇਂ ਜ਼ਰੂਰੀ ਹੈ।
੧੩ ਹਫ਼ਤਿਆਂ ਦਾ ਇਹ ਕੋਰਸ ਪੰਜਾਬੀ ਵਿੱਚ ਹੋਵੇਗਾ ਪਰ ਇਸ ਨਾਲ਼ ਸਬੰਧਿਤ ਕੁਝ ਪੜ੍ਹਨ ਸਮੱਗਰੀ ਅੰਗਰੇਜ਼ੀ ਵਿੱਚ ਹੋਵੇਗੀ।

Previously taught

Fall 2024 cohort 13 weeks · concluded

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.