Skip to content
GIIS Global Institute for Interdisciplinary Studies

ਪੰਜਾਬੀ ਸਾਹਿਤ, ਬਿਰਤਾਂਤਿਕ ਹਿੰਸਾ, ਅਤੇ ਸਿੱਖ

ਪ੍ਰਭਸ਼ਰਨਦੀਪ ਸਿੰਘ · July 18, 2024 · 5 PM - 8 PM, Pacific Time

ਆਕਸਫ਼ੋਰਡ ਯੂਨੀਵਰਸਿਟੀ

ਬਸਤੀਵਾਦ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਵਿੱਚ ਵਿੱਦਿਅਕ ਢਾਂਚੇ ਅਤੇ ਪ੍ਰਵਚਨਾਂ ਦੇ ਜ਼ੋਰ ਨਾਲ਼ ਆਪਣੀ ਬਿਰਤਾਂਤਿਕ ਇਜਾਰੇਦਾਰੀ ਬਣਾ ਲਈ। ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਵਰਗੇ ਮਹਾਨ ਕਵੀ-ਚਿੰਤਕਾਂ ਦੀ ਪ੍ਰਤਿਭਾ ਸਦਕਾ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅੰਤ ਤੱਕ ਸਿੱਖਾਂ ਨੇ ਬਸਤੀਵਾਦੀ ਪ੍ਰਵਚਨਾਂ ਨੂੰ ਅਸਰਦਾਇਕ ਨਾ ਹੋਣ ਦਿੱਤਾ। ਪਰ ਗ਼ਦਰ ਪਾਰਟੀ ਦੀ ਹਰਮਨਪਿਆਰਤਾ ਸਦਕਾ ਸਥਾਪਿਤ ਹੋਇਆ ਸੈਕੂਲਰ ਮੁਹਾਵਰਾ ਸਿੱਖਾਂ ਵਿੱਚ ਆਪਣੀ ਥਾਂ ਬਣਾ ਗਿਆ। 1930ਵਿਆਂ ਤੱਕ ਬਸਤੀਵਾਦੀ ਵਿੱਦਿਆ ਦੇ ਪ੍ਰਭਾਵ ਤਹਿਤ ਸਿੱਖਾਂ ਅੰਦਰ ਇੱਕ ਵਰਗ ਪੈਦਾ ਹੋ ਗਿਆ ਜਿਸ ਨੇ ਆਧੁਨਿਕਵਾਦੀ ਬਿਰਤਾਂਤ ਨੂੰ ਆਤਮਸਾਤ ਕਰ ਲਿਆ। ਮਾਰਕਸਵਾਦ ਪ੍ਰਤੀ ਮੌਲਿਕ ਅਧਿਐਨ ਤੋਂ ਸੱਖਣੀ ਰੋਮਾਂਚਿਕ ਪਹੁੰਚ ਨੇ ਆਧੁਨਿਕਵਾਦ ਦੀ ਜੜ੍ਹ ਲਾਉਣ ਵਿੱਚ ਵੱਡੀ ਭੂਮਿਕਾ ਨਿਭਾਈ। ਉਦੋਂ ਤੋਂ ਹੁਣ ਤੱਕ ਪੰਜਾਬੀ ਸਾਹਿਤ ਸਿੱਖਾਂ ਖ਼ਿਲਾਫ਼ ਬਿਰਤਾਂਤਿਕ ਹਿੰਸਾ ਦਾ ਮੁੱਖ ਸਾਧਨ ਬਣਿਆ ਹੋਇਆ ਹੈ। ਪੰਜਾਬ ਦੀਆਂ ਅਕਾਦਮਿਕ ਸੰਸਥਾਵਾਂ ਅਤੇ ਸਾਹਿਤਿਕ ਅਦਾਰਿਆਂ ਨੇ ਪੰਜਾਬੀ ਬੋਲੀ ਦੇ ਮੌਲਿਕ ਮੁਹਾਵਰੇ, ਪੰਜਾਬੀ ਕਵਿਤਾ ਦੇ ਸਰੋਦੀ ਰੰਗ, ਅਤੇ ਪੰਜਾਬ ਦੀ ਧਰਤੀ ਦੇ ਦਰਦਾਂ ਅਤੇ ਸਦਮਿਆਂ ਨਾਲ਼ ਦੁਸ਼ਮਣੀ ਵਰਗੀ ਬੇਗਾਨਗੀ ਪਾਲ਼ ਲਈ। ਇਸ ਨਾਲ਼ ਪਹਿਲਾਂ ਪੰਜਾਬੀ ਕਵਿਤਾ ਆਪਣੀਆਂ ਜੜ੍ਹਾਂ ਤੋਂ ਟੁੱਟੀ ਅਤੇ ਫ਼ਿਰ ਲਗਾਤਾਰ ਨਿਘਾਰ ਵੱਲ ਜਾਣ ਲੱਗ ਪਈ। ਇਸ ਬਿਰਤਾਂਤਿਕ ਹਿੰਸਾ ਨੇ ਸਿੱਖਾਂ ਖ਼ਿਲਾਫ਼ ਹਿੰਦੁਸਤਾਨੀ ਹਕੂਮਤ ਦੀ ਸੱਭਿਆਚਾਰਕ ਅਤੇ ਸਿਆਸੀ ਹਿੰਸਾ ਨੂੰ ਨਾ ਸਿਰਫ਼ ਜਾਇਜ਼ ਠਹਿਰਾਇਆ ਸਗੋਂ ਇਸ ਲਈ ਸਿੱਖਾਂ ਨੂੰ ਹੀ ਦੋਸ਼ੀ ਬਣਾ ਧਰਿਆ। ਇਸ ਵਿਚਾਰ-ਚਰਚਾ ਦੌਰਾਨ ਅਸੀਂ ਪੰਜਾਬ ਵਿੱਚ ਪ੍ਰਗਤੀਵਾਦੀ ਲਹਿਰ ਦੇ ਮੁੱਢ ਤੋਂ ਲੈ ਕੇ ਅੱਜ ਤੱਕ ਸਾਹਿਤ ਦੇ ਮਾਧਿਅਮ ਰਾਹੀਂ ਸਿੱਖਾਂ ‘ਤੇ ਹੋ ਰਹੀ ਹਿੰਸਾ ਬਾਰੇ ਆਪਣਾ ਨਜ਼ਰੀਆ ਸਾਂਝਾ ਕਰਾਂਗੇ। ਇਸ ਦੇ ਨਾਲ਼ ਹੀ ਪੰਜਾਬੀ ਕਾਵਿ-ਮੁਹਾਵਰੇ ਦੇ ਮੌਲਿਕ ਰੰਗਾਂ ਅਤੇ ਇਸ ਦੇ ਭਵਿੱਖ ਬਾਰੇ ਵੀ ਵਿਚਾਰ ਕਰਾਂਗੇ।

← All public lectures

New courses and cohorts open up this Fall. Get the announcement first.

A few courses are currently meeting weekly, in Punjabi and English. Leave your email and we will write the moment we open additional courses.

Leave your address and we will write when the next run opens. We will send one email to confirm it is really you.