Self-paced recordings · from the Summer 2024 cohort
ਸਹਿਜੇ ਰਚਿਓ ਖ਼ਾਲਸਾ: ਦੀਰਘ ਅਧਿਐਨ ੧ — self-paced
ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖ਼ਾਲਸਾ ਸਿੱਖ ਫ਼ਲਸਫ਼ੇ ਦੀ ਕਿਤਾਬ ਹੈ। ਇਹ ਪੰਜਾਬੀ ਵਿੱਚ ਕਿਸੇ ਸਿੱਖ ਵਿਦਵਾਨ ਵੱਲੋਂ ਆਧੁਨਿਕ ਮੁਹਾਵਰੇ ਵਿੱਚ ਲਿਖੀ ਗਈ ਫ਼ਲਸਫ਼ੇ ਦੀ ਪਹਿਲੀ ਕਿਤਾਬ ਹੈ। ਮਹਿਬੂਬ ਸਾਹਿਬ ਨੇ ਇਸ ਕਿਤਾਬ ਵਿੱਚ ਵਿਸ਼ਵ ਧਰਮਾਂ ਅਤੇ ਵਿਸ਼ਵ ਫ਼ਲਸਫ਼ੇ ਨਾਲ਼ ਸੰਵਾਦ ਦੇ ਅਮਲ ਵਿੱਚੋਂ ਇਤਿਹਾਸਿਕ ਅਮਲ ਦੇ ਸੰਦਰਭ ਵਿੱਚ ਸਿੱਖੀ ਦੀ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ।
ਸਿੱਖ ਵਿਦਿਆਰਥੀਆਂ ਅਤੇ ਵਿਚਾਰਵਾਨਾਂ ਲਈ ਇਸ ਕਿਤਾਬ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੀ ਮੁੱਖ ਵਜ੍ਹਾ ਹੈ ਕਿ ਇਹ ਕਿਤਾਬ ਪੱਛਮੀ ਅਤੇ ਪੂਰਬੀ ਫ਼ਲਸਫ਼ਿਆਂ ਦੇ ਬਰਾਬਰ ਸਿੱਖ ਫ਼ਲਸਫ਼ੇ ਦਾ ਆਪਣਾ ਪਸਾਰ ਸਿਰਜਦੀ ਹੈ। ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਫ਼ਲਸਫ਼ੇ ਨਾਲ਼ ਸੰਵਾਦ ਵਿੱਚ ਆਉਣਾ ਨਿੱਜੀ ਚੋਣ ਦਾ ਸੁਆਲ ਨਹੀਂ ਹੈ। ਧਰਮ, ਸਾਹਿਤ, ਇਤਿਹਾਸ, ਰਾਜਨੀਤੀ ਵਿਗਿਆਨ, ਜਾਂ ਅਰਥਸ਼ਾਸਤਰ ਆਦਿ ਕਿਸੇ ਵੀ ਵਿਸ਼ੇ ਦੇ ਸਰੂਪ ਅਤੇ ਅਧਿਐਨ ਪਿੱਛੇ ਕੋਈ ਨਾ ਕੋਈ ਫ਼ਲਸਫ਼ਾ ਕਾਰਜਸ਼ੀਲ ਹੁੰਦਾ ਹੈ। ਜਦੋਂ ਫ਼ਲਸਫ਼ਾ ਜੀਵਨ ਦੀ ਹਰ ਇੱਕ ਇਕਾਈ ਨੂੰ ਪਰਿਭਾਸ਼ਿਤ ਕਰ ਕੇ ਕਿਸੇ ਨਾ ਕਿਸੇ ਸਾਂਚੇ ਵਿੱਚ ਢਾਲ਼ ਰਿਹਾ ਹੈ ਤਾਂ ਇਸ ਤੋਂ ਪਾਸਾ ਵੱਟ ਕੇ ਗੁਜ਼ਾਰਾ ਕਰਨਾ ਸੰਭਵ ਨਹੀਂ। ਸਥਾਪਿਤ ਫ਼ਲਸਫ਼ਾਨਾ ਲੀਹਾਂ ਦੇ ਬਰਾਬਰ ਆਪਣਾ ਰਾਹ ਬਣਾਉਣਾ ਹੀ ਹੱਲ ਹੈ। ਮਹਿਬੂਬ ਸਾਹਿਬ ਨੇ ਸਹਿਜੇ ਰਚਿਓ ਖ਼ਾਲਸਾ ਦੇ ਰੂਪ ਵਿੱਚ ਇਹ ਟੀਚਾ ਬੜੇ ਵਿਲੱਖਣ ਅਤੇ ਪ੍ਰਬੀਨ ਅੰਦਾਜ਼ ਵਿੱਚ ਸਰ ਕੀਤਾ ਹੈ। ਮਹਿਬੂਬ ਸਾਹਿਬ ਪੱਛਮੀ ਫ਼ਲਸਫ਼ੇ ਦੇ ਬਰਾਬਰ ਆਪਣਾ ਨਿਆਰਾ ਫ਼ਲਸਫ਼ਾਨਾ ਪਸਾਰ ਸਿਰਜਣ ਵਿੱਚ ਕਾਮਯਾਬ ਹੋਏ ਹਨ। ਇਸ ਸਫਲਤਾ ਪਿੱਛੇ ਉਹਨਾਂ ਦੇ ਕਵੀ ਹੋਣ ਦੀ ਵੀ ਵੱਡੀ ਭੂਮਿਕਾ ਹੈ।
ਹੱਥਲਾ ਕੋਰਸ ਸਹਿਜੇ ਰਚਿਓ ਖ਼ਾਲਸਾ ਬਾਰੇ ਪਹਿਲਾ ਕੋਰਸ ਹੈ; ਸਹਿਜੇ ਰਚਿਓ ਖ਼ਾਲਸਾ ਵੱਡ-ਆਕਾਰੀ ਅਤੇ ਬਹੁਪਸਾਰੀ ਕਿਤਾਬ ਹੈ ਜਿਸ ਨਾਲ਼ ਇੱਕ ਕੋਰਸ ਵਿੱਚ ਨਿਆਂ ਨਹੀਂ ਕੀਤਾ ਜਾ ਸਕਦਾ। ਇਸ ਕੋਰਸ ਰਾਹੀਂ ਸਹਿਜੇ ਰਚਿਓ ਖ਼ਾਲਸਾ ਦੇ ਫ਼ਲਸਫ਼ਾਨਾ ਅਤੇ ਇਤਿਹਾਸਿਕ ਦ੍ਰਿਸ਼ਟੀਕੋਣ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਜਾਵੇਗਾ। ਇਸ ਵਿਸ਼ਲੇਸ਼ਣ ਦੌਰਾਨ ਹਿੰਦੂ ਬੋਧੀ, ਅਤੇ ਇਸਲਾਮੀ ਫ਼ਲਸਫ਼ਿਆਂ ਦੇ ਨਾਲ਼-ਨਾਲ਼ ਪੱਛਮੀ ਫ਼ਿਲਾਸਫ਼ਰਾਂ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਕਾਂਤ, ਹੇਗਲ, ਮਾਰਕਸ, ਅਤੇ ਨੀਤਸ਼ੇ ਆਦਿ ਜਿਹੇ ਫ਼ਿਲਾਸਫ਼ਰ ਉਹ ਹਨ ਜਿਨ੍ਹਾਂ ਨਾਲ਼ ਮਹਿਬੂਬ ਸਾਹਿਬ ਨੇ ਸਿੱਧਾ ਸੰਵਾਦ ਰਚਾਇਆ। ਪਰ ਹਾਇਡਿਗਰ, ਦੈਰੀਦਾ, ਅਤੇ ਫੂਕੋਅ ਜਿਹੇ ਫ਼ਿਲਾਸਫ਼ਰ ਅਤੇ ਹੇਡਨ ਵ੍ਹਾਈਟ ਤੇ ਕੀਥ ਜੈਂਕਿਨਜ਼ ਜਿਹੇ ਇਤਿਹਾਸ-ਚਿੰਤਕ, ਜਿਹੜੇ ਸਬੰਧਿਤ ਵਿਸ਼ਿਆਂ ਬਾਰੇ ਸਾਡੇ ਚਿੰਤਨ ਨੂੰ ਵਡੇਰੇ ਪਸਾਰ ਮੁਹੱਈਆ ਕਰਵਾਉਂਦੇ ਹਨ, ਵੀ ਵਿਚਾਰੇ ਜਾਣਗੇ। ਦੂਜੇ ਸ਼ਬਦਾਂ ਵਿੱਚ ਇਹ ਕੋਰਸ ਫ਼ਲਸਫ਼ੇ ਅਤੇ ਇਤਿਹਾਸਕਾਰੀ ਨਾਲ਼ ਗੰਭੀਰ ਚਿੰਤਨ ਰਚਾਉਣ ਦਾ ਉਪਰਾਲਾ ਹੋਵੇਗਾ ਜਿਸ ਦੀ ਜ਼ਮੀਨ ਸਹਿਜੇ ਰਚਿਓ ਖ਼ਾਲਸਾ ਦੀ ਲਿਖਤ ਹੋਵੇਗੀ।
੧੩ ਹਫ਼ਤਿਆਂ ਦਾ ਇਹ ਕੋਰਸ ਪੰਜਾਬੀ ਵਿੱਚ ਹੋਵੇਗਾ ਪਰ ਇਸ ਨਾਲ਼ ਸਬੰਧਿਤ ਕੁਝ ਪੜ੍ਹਨ ਸਮੱਗਰੀ ਅੰਗਰੇਜ਼ੀ ਵਿੱਚ ਹੋਵੇਗੀ।